ਨਵੀਂ ਦਿੱਲੀ - ਯੂਕੇ ਦੇ ਵੈਸਟ ਮਿਡਲੈਂਡਜ਼ ਵਿੱਚ ਇੱਕ ਸਿੱਖ ਔਰਤ ਨਾਲ ਹੋਏ ਕਥਿਤ ਬਲਾਤਕਾਰ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਸਨੂੰ ਨਫ਼ਰਤ ਅਪਰਾਧ ਵਜੋਂ ਦੇਖ ਰਹੇ ਹਨ। ਪੁਲਿਸ ਦੋ ਗੋਰੇ ਪੁਰਸ਼ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ 'ਤੇ ਦਿਨ-ਦਿਹਾੜੇ ਹਮਲੇ ਦੌਰਾਨ ਔਰਤ ਨਾਲ ਨਸਲੀ ਦੁਰਵਿਵਹਾਰ ਕਰਨ ਦਾ ਦੋਸ਼ ਹੈ। ਜਿਨ੍ਹਾਂ ਵਿੱਚੋਂ ਇਕ ਇੱਕ ਸ਼ੱਕੀ ਦਾ ਸਿਰ ਮੁੰਨਿਆ ਹੋਇਆ ਸੀ ਅਤੇ ਉਸਨੇ ਦਸਤਾਨੇ ਪਹਿਨੇ ਹੋਏ ਸਨ ਦੂਜੇ ਆਦਮੀ ਨੇ ਕਥਿਤ ਤੌਰ 'ਤੇ ਚਾਂਦੀ ਦੀ ਜ਼ਿਪ ਵਾਲਾ ਸਲੇਟੀ ਰੰਗ ਦਾ ਟੌਪ ਪਾਇਆ ਹੋਇਆ ਸੀ। ਬਰਮਿੰਘਮ ਦੇ ਨੇੜੇ ਓਲਡਬਰੀ ਦੇ ਟੇਮ ਰੋਡ ਉਪਰ ਵਾਪਰੀ ਘਟਨਾ ਵਿਚ ਜਿਸ ਔਰਤ 'ਤੇ ਹਮਲਾ ਹੋਇਆ ਹੈ, ਉਹ 20 ਸਾਲਾਂ ਦੀ ਹੈ। ਪੁਲਿਸ ਅਤੇ ਸਿੱਖ ਭਾਈਚਾਰੇ ਦੇ ਸਮੂਹ ਉਸਦੀ ਅਤੇ ਉਸਦੇ ਪਰਿਵਾਰ ਦੀ ਮਦਦ ਕਰ ਰਹੇ ਹਨ। ਇਸ ਹਮਲੇ ਨੇ ਸਥਾਨਕ ਸਿੱਖਾਂ ਵਿੱਚ ਰੋਸ ਅਤੇ ਗੁੱਸਾ ਪੈਦਾ ਕਰ ਦਿੱਤਾ ਹੈ। ਯੂਕੇ ਦੇ ਇਕ ਸਿੱਖ ਸਮੂਹ ਸਿੱਖ ਫੈਡਰੇਸ਼ਨ ਯੂਕੇ ਨੇ ਓਲਡਬਰੀ ਹਮਲੇ ਦੀ "ਜਨਤਕ ਨਿੰਦਾ" ਨਾ ਕਰਨ ਲਈ ਹਾਲ ਹੀ ਵਿੱਚ ਸ਼ਰਣ ਦੇ ਮੁੱਦਿਆਂ ਬਾਰੇ ਆਵਾਜ਼ ਉਠਾਉਣ ਵਾਲੇ ਰਾਸ਼ਟਰੀ ਸਿਆਸਤਦਾਨਾਂ ਦੀ ਸਖ਼ਤ ਆਲੋਚਨਾ ਕੀਤੀ ਹੈ । ਉਨ੍ਹਾਂ ਦਸਿਆ ਕਿ ਯੂਕੇ ਭਰ ਵਿੱਚ ਨਸਲੀ ਤਣਾਅ ਵਿੱਚ ਬੇਤਾਹਾਸ਼ਾ ਵਾਧਾ ਹੋਇਆ ਹੈ ਜੋ ਕਿ ਵਡੀ ਚਿੰਤਾ ਦਾ ਵਿਸ਼ਾ ਬਣ ਚੁਕਿਆ ਹੈ। ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ “ਅਸੀਂ ਇੱਕ ਔਰਤ ਦੁਆਰਾ ਸਾਨੂੰ ਓਲਡਬਰੀ ਵਿੱਚ ਬਲਾਤਕਾਰ ਦੀ ਰਿਪੋਰਟ ਕਰਨ ਤੋਂ ਬਾਅਦ ਜਾਂਚ ਕਰ ਰਹੇ ਹਾਂ, ਜਿਸਨੂੰ ਅਸੀਂ ਨਸਲੀ ਤੌਰ 'ਤੇ ਵਧੇ ਹੋਏ ਹਮਲੇ ਵਜੋਂ ਦੇਖ ਰਹੇ ਹਾਂ ਕਿਉਕਿ ਇਸ ਵਾਰਦਾਤ ਵਿਚ ਹਮਲਾਵਰਾਂ ਨੇ ਕਿਹਾ ਕਿ "ਤੁਸੀਂ ਇਸ ਦੇਸ਼ ਦੇ ਨਹੀਂ ਹੋ, ਬਾਹਰ ਚਲੇ ਜਾਓ"। ਸੈਂਡਵੈੱਲ ਖੇਤਰ ਵਿੱਚ ਸਥਾਨਕ ਪੁਲਿਸਿੰਗ ਦੀ ਅਗਵਾਈ ਕਰਨ ਵਾਲੇ ਚੀਫ਼ ਸੁਪਰਡੈਂਟ ਕਿਮ ਮੈਡਿਲ ਨੇ ਕਿਹਾ ਅਸੀਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਬਹੁਤ ਮਿਹਨਤ ਕਰ ਰਹੇ ਹਾਂ, ਸੀਸੀਟੀਵੀ, ਫੋਰੈਂਸਿਕ ਅਤੇ ਹੋਰ ਪੁੱਛਗਿੱਛਾਂ ਚੰਗੀ ਤਰ੍ਹਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਕਾਰਨ ਪੈਦਾ ਹੋਏ ਗੁੱਸੇ ਅਤੇ ਚਿੰਤਾ ਨੂੰ ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਇਸ ਲਈ ਭਾਈਚਾਰੇ ਦੇ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾ ਰਹੇ ਹਾਂ ਕਿ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਸਿੱਖ ਫੈਡਰੇਸ਼ਨ ਯੂਕੇ ਦੇ ਦਬਿੰਦਰਜੀਤ ਸਿੰਘ ਨੇ ਕਿਹਾ ਇਹ ਹਮਲਾ ਦਿਨ-ਦਿਹਾੜੇ ਇੱਕ ਵਿਅਸਤ ਸੜਕ 'ਤੇ ਹੋਇਆ। ਸਾਰੇ ਹਿੰਸਕ ਨਸਲੀ ਹਮਲਿਆਂ ਲਈ ਸਾਨੂੰ ਜ਼ੀਰੋ ਸਹਿਣਸ਼ੀਲਤਾ ਰੱਖਣੀ ਚਾਹੀਦੀ ਹੈ। ਮੌਜੂਦਾ ਨਸਲਵਾਦੀ ਰਾਜਨੀਤਿਕ ਮਾਹੌਲ ਲੋਕਪ੍ਰਿਯਤਾ ਦੁਆਰਾ ਚਲਾਇਆ ਜਾਂਦਾ ਹੈ ਅਤੇ 'ਪ੍ਰਵਾਸੀ ਵਿਰੋਧੀ ਕਾਰਡ' ਖੇਡਣ ਵਾਲੇ ਸਿਆਸਤਦਾਨਾਂ ਦੁਆਰਾ ਬਣਾਇਆ ਗਿਆ ਹੈ ਜੋ ਸੱਜੇ-ਪੱਖੀ ਅਤੇ ਨਸਲਵਾਦੀ ਵਿਚਾਰਾਂ ਵਾਲੇ ਲੋਕਾਂ ਦਾ ਬੇਸ਼ਰਮੀ ਨਾਲ ਸ਼ੋਸ਼ਣ ਕਰ ਰਹੇ ਹਨ। ਅਸੀਂ ਇਸ ਬੇਰਹਿਮ ਨਸਲਵਾਦੀ ਅਤੇ ਜਿਨਸੀ ਹਮਲੇ ਦੀ ਸਾਰੇ ਪਾਸਿਆਂ ਦੇ ਸਿਆਸਤਦਾਨਾਂ ਵੱਲੋਂ ਜਨਤਕ ਨਿੰਦਾ ਦੀ ਉਡੀਕ ਕਰ ਰਹੇ ਹਾਂ ਜਿੱਥੇ ਇੱਕ ਨੌਜਵਾਨ ਸਿੱਖ ਔਰਤ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਬਲਾਤਕਾਰ ਕੀਤਾ ਗਿਆ ਹੈ। ਸਿੱਖ ਯੂਥ ਯੂਕੇ, ਨੇ ਕਿਹਾ ਕਿ ਉਸਨੇ ਭਾਈਚਾਰੇ ਨੂੰ "ਚੌਕਸ ਰਹਿਣ, ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰੋਜ਼ਾਨਾ ਦੇ ਕੰਮਾਂ ਵਿੱਚ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ" ਲਈ ਸੁਚੇਤ ਕੀਤਾ ਹੈ।